*👉🏻 ਜਲੰਧਰ ਔਰਤਾਂ ਲਈ ਸੁਰੱਖਿਅਤ ਸ਼ਹਿਰ ਬਣਨ ਵੱਲ ਵਧਿਆ, ਪਿਛਲੇ ਦੋ ਮਹੀਨਿਆਂ ਦੌਰਾਨ ਚੇਨ ਸਨੈਚਿੰਗ ਦੇ ਕੇਸਾਂ ਵਿੱਚ ਆਈ ਕਮੀ* *👉🏻 ਸੀ.ਪੀ ਨੇ ਇਸ ਨੂੰ ਜਲੰਧਰ ਨੂੰ ਅਪਰਾਧ ਮੁਕਤ ਬਣਾਉਣ ਵੱਲ ਛੋਟੀ ਜਿਹੀ ਪੁਲਾਂਘ ਦੱਸਿਆ*
ਜਲੰਧਰ,15 ਦਸੰਬਰ-(ਭੱਲਾ/ਬੱਬੂ)-ਪੰਜਾਬ ਦੇ ਸ਼ਹਿਰਾਂ ਨੂੰ ਔਰਤਾਂ ਲਈ ਸੁਰੱਖਿਅਤ ਬਣਾਉਣ ਦੇ ਸੂਬਾ ਸਰਕਾਰ ਦੀ ਵਚਨਬੱਧਤਾ ਤਹਿਤ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਇੱਕ ਅਹਿਮ ਉਪਰਾਲਾ ਕਰਦਿਆਂ ਪਿਛਲੇ ਦੋ ਮਹੀਨਿਆਂ ਦੌਰਾਨ ਚੇਨ ਸਨੈਚਿੰਗ ਦੇ ਕੇਸਾਂ ਨੂੰ ਨੱਥ ਪਾਉਣ ਵਿੱਚ ਸਫਲਤਾ ਹਾਸਲ ਕਰਦਿਆਂ ਪਿਛਲੇ ਦੋ ਮਹੀਨਿਆਂ ਦੌਰਾਨ ਦਰਜ਼ ਸਾਰੇ ਮਾਮਲਿਆਂ ਨੂੰ ਹੱਲ ਕਰ ਲਿਆ ਹੈ। ਕਮਿਸ਼ਨਰੇਟ ਪੁਲਿਸ ਪਾਸੋਂ ਪ੍ਰਾਪਤ ਜਾਣਕਾਰੀ ਅਨੁਸਾਰ ਅਕਤੂਬਰ ਮਹੀਨੇ ਵਿੱਚ ਕਮਿਸ਼ਨਰੇਟ ਪੁਲਿਸ ਨੇ ਚੇਨ ਸਨੈਚਿੰਗ ਦੇ 14 ਮਾਮਲੇ ਦਰਜ਼ ਕੀਤੇ ਸਨ ਜੋਕਿ ਨਵੰਬਰ ਮਹੀਨੇ ਵਿੱਚ ਘੱਟ ਕੇ 12 ਰਹਿ ਗਏ ਸਨ ਅਤੇ ਹੁਣ ਤੱਕ ਪੁਲਿਸ ਨੇ ਦਰਜ਼ ਕੀਤੇ ਇਹ ਸਾਰੇ ਮਸਲੇ ਹੱਲ ਕਰ ਲਏ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਕਤੂਬਰ ਮਹੀਨੇ ਕਮਿਸ਼ਨਰੇਟ ਪੁਲਿਸ ਨੇ ਚੇਨ ਸਨੈਚਿੰਗ ਦੇ 13 ਮਸਲੇ ਦਰਜ਼ ਕੀਤੇ ਸਨ ਜਦਕਿ ਨਵੰਬਰ ਮਹੀਨੇ ਵਿੱਚ ਦਰਜ਼ ਕੀਤੇ ਗਏ ਕੇਸਾਂ ਦੀ ਗਿਣਤੀ 27 ਸੀ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਜਲੰਧਰ ਦੇ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਸਤੰਬਰ ਮਹੀਨੇ ਵਿੱਚ ਆਪਣੇ ਦਫਤਰ ਦਾ ਚਾਰਜ਼ ਲੈਣ ਉਪਰੰਤ ਉਨਾਂ ਨੇ ਮੁੱਖ ਤਰਜ਼ੀਹ ਕਮਿਸ਼ਨਰੇਟ ਪੁਲਿਸ ਅਧੀਨ ਹੁੰਦੇ ਅਪਰਾਧਾਂ ਤੇ ਨਕੇਲ ਕੱਸਣ ਨੂੰ ਦਿਤੀ। ਉਨਾਂ ਕਿਹਾ ਕਿ ਇਸੇ ਕੜੀ ਤਹਿਤ ਜਲੰਧਰ ਵਿੱਚ ਪੀ.ਸੀ.ਆਰ ਟੀਮਾਂ ਨੂੰ ਹੋਰ ਵੀ ਚੁਸਤ ਦਰੁਸਤ ਬਣਾਇਆ ਗਿਆ ਹੈ ਤਾਂ ਕਿ ਉਹ ਜ਼ੁਰਮ ਅਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਪ੍ਰਭਾਵੀ ਢੰਗ ਨਾਲ ਨਜਿੱਠ ਸਕੇ। ਉਨਾਂ ਕਿਹਾ ਕਿ ਕੀ ਪੀ.ਸੀ.ਆਰ ਟੀਮਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਕਿਸੇ ਵੀ ਅਪਰਾਧ ਦੀ ਸੂਚਨਾ ਮਿਲਣ ਤੇ ਉਹ ਫੋਰੀ ਤੌਰ ਤੇ ਉੱਥੇ ਪੁਹੰਚਣ ਅਤੇ ਲੋਕਾਂ ਦੀ ਮਦਦ ਕਰਨ।
ਇਸੇ ਤਰ੍ਹਾਂ ਉਨਾਂ ਕਿਹਾ ਕਿ ਪੁਲਿਸ ਥਾਣਿਆਂ ਨੂੰ ਵੀ ਚੁਸਤ ਦਰੁਸਤ ਬਣਾਉਣ ਵੱਲ ਵਿਸ਼ੇਸ਼ ਕਦਮ ਚੁੱਕੇ ਗਏ ਹਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਆਪਾਤਕਾਲੀਨ ਸਥਿਤੀ ਵਿੱਚ ਉਹ ਲੋਕਾਂ ਦੀ ਮਦਦ ਦੇ ਲਈ ਛੇਤੀ ਤੋਂ ਛੇਤੀ ਪਹੁੰਚ ਸਕਣ। ਉਨਾਂ ਕਿਹਾ ਕਿ ਸ਼ਹਿਰ ਭਰ ਵਿੱਚ ਲੱਗਣ ਵਾਲੇ ਨਾਕਿਆਂ ਦੀ ਨਿਗਰਾਨੀ ਲਈ ਜਲੰਧਰ ਦੇ ਵਿੱਚ ਬੈਠੇ ਉੱਚ ਅਧਿਕਾਰੀਆਂ ਨੂੰ ਨਿਰਦੇਸ਼ ਦਿਤੇ ਗਏ ਹਨ ਕਿ ਉਹ ਸਮੇਂ ਸਮੇਂ ਸਿਰ ਇਸ ਨਿਗਰਾਨੀ ਨੂੰ ਯਕੀਨੀ ਬਣਾਉਣ ਤਾਂ ਜੋ ਲੋਕਾਂ ਵਿਚ ਸੁਰੱਖਿਆ ਦਾ ਮਾਹੌਲ ਪੈਦਾ ਹੋ ਸਕੇ। ਉਨਾਂ ਕਿਹਾ ਕਿ ਕਮਿਸ਼ਨਰੇਟ ਪੁਲਿਸ ਦਾ ਇੱਕੋਂ ਇੱਕ ਮੁੱਖ ਮੰਤਵ ਇਹ ਯਕੀਨੀ ਬਣਾਉਣਾ ਹੈ ਕਿ ਸਖਤ ਸੁਰੱਖਿਆ ਪ੍ਰਬੰਧ ਕੀਤੇ ਜਾਣ ਜਿਸ ਨਾਲ ਅਪਰਾਧੀ ਅਪਰਾਧ ਕਰਨ ਦਾ ਹੌਸਲਾ ਹੀ ਨਾ ਕਰ ਸਕਣ। ਉਨਾਂ ਕਿਹਾ ਕਿ ਚੇਨ ਸਨੈਚਿੰਗ ਦੇ ਜ਼ੁਰਮਾਂ ਵਿਚ ਆਈ ਕਮੀ ਕਮਿਸ਼ਨਰੇਟ ਪੁਲਿਸ ਦਾ ਜਲੰਧਰ ਨੂੰ ਅਪਰਾਧ ਮੁਕਤ ਬਣਾਉਣ ਵੱਲ ਇੱਕ ਛੋਟੀ ਜਿਹਾ ਪੁਲਾਂਘ ਹੈ ਅਤੇ ਮੈਂਨੂੰ ਆਸ ਹੈ ਕਿ ਅਸੀਂ ਲੋਕਾਂ ਦੇ ਸਹਿਯੋਗ ਨਾਲ ਜਲੰਧਰ ਨੂੰ ਛੇਤੀ ਹੀ ਅਪਰਾਧ ਮੁਕਤ ਬਣਾ ਲਵਾਂਗੇ।