*👉🏻 ਕੋਰੋਨਾ ਨੂੰ ਹੇਠਲੇ ਪੱਧਰ ਤੇ ਫੈਲਣ ਤੋੰ ਰੋਕਣ ਲਈ ਮਾਈਕਰੋ ਕੰਟੇਨਮੈਂਟ ਜੋਨ ਬਣਾਉਣ ਦੇ ਡੀਸੀ ਨੇ ਦਿੱਤੇ ਆਦੇਸ਼* *👉🏻 ਐਸ.ਡੀ.ਐਮ.ਨੂੰ ਜਿਥੇ ਕੇਸ ਸਾਹਮਣੇ ਆਏ ਹਨ ਉਹਨਾਂ ਖੇਤਰਾਂ ਦੀ ਪਹਿਚਾਣ ਕਰਨ ਲਈ ਕਿਹਾ* *👉🏻 ਪੜ੍ਹੋ ਖ਼ਬਰ ਸਿਰਫ ਹੈਡਲਾਈਨ ਐਕਸਪ੍ਰੈੱਸ ਤੇ 👇🏻*
ਜਲੰਧਰ, 19 ਜੂਨ 2020-(ਪ੍ਰਦੀਪ ਭੱਲਾ)-ਜ਼ਿਲੇ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ ਉਪ ਮੰਡਲ ਮੈਜਿਸਟਰੇਟਾਂ ਨੂੰ ਕਿਹਾ ਕਿ ਜਿਨ੍ਹਾਂ ਖੇਤਰਾਂ ਵਿੱਚ ਪੰਜ ਤੋਂ ਵੱਧ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ ਉਥੇ ਮਾਈਕਰੋ ਕੰਟੇਨਮੈਂਟ ਅਤੇ ਕੰਟੇਨਮੈਂਟ ਜ਼ੋਨ ਬਣਾਏ ਜਾਣ। ਸਥਾਨਕ ਸਰਕਟ ਹਾਊਸ ਜਲੰਧਰ ਵਿਖੇ ਕੋਰੋਨਾ ਵਾਇਰਸ ਸਬੰਧੀ ਸਥਿਤੀ ਦਾ ਜਾਇਜ਼ਾ ਲੈਣ ਲਈ ਸਿਵਲ, ਸਿਹਤ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਾਈਕਰੋ ਕੰਟੇਨਮੈਂਟ ਜ਼ੋਨ ਬਣਾਉਣ ਦਾ ਮੁੱਖ ਮਕਸਦ ਕੋਰੋਨਾ ਵਾਇਰਸ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਹੇਠਲੇ ਪੱਧਰ ਤੱਕ ਫੈਲਣ ਤੋਂ ਰੋਕਣਾ ਹੈ। ਉਹਨਾਂ ਕਿਹਾ ਕਿ ਇਸ ਨਾਲ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਬਾਰੀਕੀ ਨਾਲ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਯੋਜਨਾ ਬਣਾਉਣ ਵਿੱਚ ਸਹਾਇਤਾ ਮਿਲੇਗੀ।
ਸ੍ਰੀ ਥੋਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਜਿਲ੍ਹੇ ਵਿੱਚ ਜ਼ਿਨਾਂ ਖੇਤਰਾਂ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਰਹੇ ਹਨ ਉਨਾਂ ਖੇਤਰਾਂ ਦੀ ਪਹਿਚਾਣ ਕੀਤੀ ਜਾਵੇ। ਸ੍ਰੀ ਥੋਰੀ ਨੇ ਕਿਹਾ ਕਿ ਇਹਨਾਂ ਮਾਈਕਰੋ ਕੰਟੇਨਮੈਂਟ ਅਤੇ ਕੰਟੇਨਮੈਂਟ ਜੋਨਾਂ ਬਾਰੇ ਉਪ ਮੰਡਲ ਮੈਜਿਸਟਰੇਟਾਂ ਵਲੋਂ ਸਹਾਇਕ ਕਮਿਸ਼ਨਰ ਪੁਲਿਸ ਅਤੇ ਸੀਨੀਅਰ ਮੈਡੀਕਲ ਅਫ਼ਸਰਾਂ ਨਾਲ ਮਿਲ ਕੇ ਸਾਂਝੇ ਤੌਰ ‘ਤੇ ਐਲਾਨ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਨਾਂ ਜ਼ੋਨਾਂ ਵਿੱਚ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਸ਼ਖਤੀ ਨਾਲ ਪਾਲਣਾ ਕੀਤੀ ਜਾਵੇ। ਸ੍ਰੀ ਥੋਰੀ ਨੇ ਕਿਹਾ ਕਿ ਕੰਟੇਨਮੈਂਟ ਜੋਨ ਦਾ ਐਲਾਨ ਕਰਨ ਤੋਂ ਬਾਅਦ ਸਿਹਤ ਵਿਭਾਗ ਦੇ ਵਰਕਰਾਂ ਵਲੋਂ ਘਰ-ਘਰ ਜਾ ਕੇ ਸਰਵੇ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਵਲੋਂ ਇਹਨਾਂ ਜੋਨਾਂ ਵਿੱਚ ਗਤੀਵਿਧੀਆਂ ਦੀ ਨਜ਼ਰਸਾਨੀ ਲਈ ਸਿਵਲ, ਸਿਹਤ ਅਤੇ ਪੁਲਿਸ ਵਿਭਾਗ ਦੀਆਂ ਸਾਂਝੀਆਂ ਟੀਮਾਂ ਦਾ ਵੀ ਗਠਨ ਕੀਤਾ ਗਿਆ। ਉਹਨਾਂ ਕਿਹਾ ਕਿ ਇਨਾਂ ਖੇਤਰਾਂ ਵਿੱਚ ਵੱਡੇ ਪੱਧਰ ‘ਤੇ ਲੋਕਾਂ ਦੀ ਸਕਰੀਨਿੰਗ ਕੀਤੀ ਜਾਣੀ ਚਾਹੀਦੀ ਹੈ। ਇਸੇ ਤਰ੍ਹਾਂ ਸ੍ਰੀ ਥੋਰੀ ਨੇ ਵਿਭਾਗਾਂ ਨੂੰ ਕਿਹਾ ਕਿ ਇਨਾਂ ਖੇਤਰਾਂ ਵਿੱਚ ਲੋਕਾਂ ਦੀ ਜਾਗਰੂਕਤਾ ਲਈ ਜਾਗਰੂਕਤਾ ਮੁਹਿੰਮ ਚਲਾਈ ਜਾਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਅਤੇ ਜਸਬੀਰ ਸਿੰਘ, ਡਿਪਟੀ ਕਮਿਸ਼ਨਰ ਪੁਲਿਸ ਗੁਰਮੀਤ ਸਿੰਘ, ਉਪ ਮੰਡਲ ਮੈਜਿਸਟਰੇਟ ਰਾਹੁਲ ਸਿੰਧੂ ਅਤੇ ਡਾ.ਜੈ ਇੰਦਰ ਸਿੰਘ, ਸਹਾਇਕ ਕਮਿਸ਼ਨਰ ਹਰਜੀਤ ਸਿੰਘ ਅਤੇ ਹਰਦੀਪ ਸਿੰਘ, ਪੁੱਡਾ ਅਸਟੇਟ ਅਫ਼ਸਰ ਨਵਨੀਤ ਕੌਰ ਬੱਲ, ਡਿਪਟੀ ਡਾਇਰੈਕਟਰ ਲੋਕਲ ਬਾਡੀਜ਼ ਅਨੁਪਮ ਕਲੇਰ, ਸਿਵ ਸਰਜਨ ਡਾ.ਗੁਰਿੰਦਰ ਕੌਰ ਚਾਵਲਾ, ਮੈਡੀਕਲ ਸੁਪਰਡੰਟ ਹਰਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।