*👉🏻 ਮਕਸੂਦਾਂ ਬੰਬ ਧਮਾਕੇ ਦੇ ਲਈ ਲੋੜੀਂਦੇ ਦੋ ਖ਼ਤਰਨਾਕ ਅਤਵਾਦੀ ਪੁਲਿਸ ਵਲੋਂ ਜੰਮੂ-ਕਸ਼ਮੀਰ ਵਿਚ ਢੇਰ- ਜਲੰਧਰ ਪੁਲਿਸ ਕਮਿਸ਼ਨਰ*
ਜਲੰਧਰ, 22 ਦਸੰਬਰ -ਜਲੰਧਰ ਦੇ ਪੁਲਿਸ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਅੱਜ ਕਿਹਾ ਕਿ ਮਕਸੂਦਾਂ ਬੰਬ ਧਮਾਕੇ ਵਿਚ ਪੁਲਿਸ ਨੂੰ ਲੋੜੀਂਦੇ ਦੋ ਖ਼ਤਰਨਾਕ ਅੱਤਵਾਦੀਆਂ ਨੂੰ ਜੰਮੂ- ਕਸ਼ਮੀਰ ਪੁਲਿਸ ਨੇ ਅਵੰਤੀਪੁਰਾ ਵਿਖੇ ਹੋਏ ਇਕ ਮੁਕਾਬਲੇ ਵਿਚ ਮਾਰ ਦਿੱਤਾ ਹੈ I
ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਨੇ ਕਿਹਾ ਕਿ 14 ਸਤੰਬਰ ਨੂੰ ਜਲੰਧਰ ਦੇ ਮਕਸੂਦਾਂ ਪੁਲਿਸ ਥਾਣੇ ਵਿਖੇ ਹੋਏ ਬੰਬ ਹਮਲੇ ਵਿਚ ਜੈਸ਼-ਏ-ਮੁਹੰਮਦ ਨਾਲ ਸੰਬੰਧਿਤ ਅੰਸਾਰ ਗ਼ਜ਼ਵਾਤ-ਉਲ-ਹਿੰਦ ਨਾਮ ਦੀ ਕਸ਼ਮੀਰ ਦੀ ਅਤਵਾਦੀ ਜਥੇਬੰਦੀ ਦੇ ਨਾਲ ਸੰਬੰਧ ਰੱਖਣ ਵਾਲੇ ਦੋ ਵਿਦਿਆਰਥੀਆਂ ਨੂੰ ਗਿਰਫ਼ਤਾਰ ਕਰ ਕੇ ਪੁਲਿਸ ਨੇ ਇਸ ਮਾਮਲੇ ਨੂੰ ਸੁਲਝਾ ਲਿਆ ਸੀ I ਉਹਨਾਂ ਕਿਹਾ ਕਿ
ਇਸ ਧਮਾਕੇ ਵਿਚ ਚਾਰ ਵਿਅਕਤੀ ਸ਼ਾਮਿਲ ਸਨ ਜਿਹਨਾਂ ਵਿੱਚੋ ਜਲੰਧਰ ਵਿਚ ਬੀ-ਟੈਕ ਕਰਨ ਵਾਲੇ ਸ਼ਾਹਿਦ ਤੇ ਫਾਜ਼ਿਲ ਅਤੇ ਮੀਰ ਰਾਵੂਫ ਅਹਿਮਦ @ ਰੌਫ ਤੇ ਮੀਰ ਉਮਰ ਰਮਜ਼ਾਨ @ ਗਾਜ਼ੀ ਸ਼ਾਮਿਲ ਸਨ I ਉਹਨਾਂ ਦੱਸਿਆ ਕਿ ਸ਼ਾਹਿਦ ਤੇ ਫਾਜ਼ਿਲ ਨੂੰ ਤਾਂ ਪੁਲਿਸ ਨੇ ਗਿਰਫ਼ਤਾਰ ਕਰ ਲਿਆ ਸੀ ਪਰ ਰੌਫ ਤੇ ਮੀਰ ਭਗੌੜੇ ਸਨ I
ਉਹਨਾਂ ਦੱਸਿਆ ਕਿ ਮੀਰ ਤੇ ਰੌਫ ਸਿਖਲਾਈ ਪ੍ਰਾਪਤ ਅਤਵਾਦੀ ਸਨ ਤੇ ਉਹ ਮਕਸੂਦਾਂ ਬੰਬ ਧਮਾਕੇ ਲਈ ਵਿਸ਼ੇਸ਼ ਤੌਰ ਤੇ 13 ਸਤੰਬਰ ਨੂੰ ਸ੍ਰੀਨਗਰ ਤੋਂ ਚੰਡੀਗੜ੍ਹ ਹਵਾਈ ਜਹਾਜ਼ ਰਾਹੀਂ ਆਏ ਸਨ I ਉਹਨਾਂ ਕਿਹਾ ਕਿ ਦੋਵੇਂ ਅਤਵਾਦੀ ਅੱਜ ਅਵੰਤੀਪੁਰਾ ਵਿਖੇ ਹੋਏ ਮੁਕਾਬਲੇ ਵਿਚ ਮਾਰੇ ਗਏ ਹਨ I ਉਹਨਾਂ ਦਸਇਆ ਕਿ ਪੁਲਿਸ ਰਿਕਾਰਡ ਮੁਤਾਬਿਕ ਉਮਰ ਕਈ ਅਤਵਾਦੀ ਘਟਨਾਵਾਂ ਵਿਚ ਸ਼ਾਮਿਲ ਸਨ ਜਦਕਿ ਰੌਫ ਵੀ ਕਈ ਅਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਲਈ ਪੁਲਿਸ ਨੂੰ ਲੋੜੀਂਦਾ ਸੀ I
ਉਹਨਾਂ ਦੱਸਿਆ ਕਿ ਜੰਮੂ ਕਸ਼ਮੀਰ ਪੁਲਿਸ ਨੇ ਟੈਲੀਫੋਨ ਤੇ ਦੋਵੇਂ ਅੱਤਵਾਦੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕਰ ਦਿੱਤੀ ਹੈ ਤੇ ਕ਼ਾਨੂਨ ਮੁਤਾਬਿਕ ਅਗਲੀ ਕਾਰਵਾਈ ਜੰਮੂ ਕਸ਼ਮੀਰ ਪੁਲਿਸ ਤੋਂ ਲਿਖਤੀ ਰਿਪੋਰਟ ਆਉਣ ਉਪਰੰਤ ਕੀਤੀ ਜਾਵੇਗੀ I
